klXuwgI bfby, sMqF dy Bys ivwc lutyry Print E-mail
BvndIp isMG purbf   
Friday, 11 December 2009

klXuwgI bfby, sMqF dy Bys ivwc lutyry

 ਭਾਰਤ ਨੂੰ ਰਿਸ਼ੀਆਂ-ਮੁਨੀਆਂ ਤੇ ਪੀਰਾਂ-ਫ਼ਕੀਰਾਂ ਦੀ ਧਰਤੀ ਕਿਹਾ ਗਿਆ ਹੈ ਜਿਥੇ ਅਨੇਕਾਂ ਮਹਾਂਪੁਰਖਾਂ ਨੇ ਅਵਤਾਰ ਧਾਰ ਕੇ ਭਾਰਤ ਹੀ ਨਹੀਂ ਬਲਕਿ ਸਾਰੀ ਦੁਨੀਆਂ ਨੂੰ ਸਹੀ ਰਾਸਤਾ ਦਿਖਾਉਣ ਵਿੱਚ ਸਿਖ਼ਰਾਂ ਨੂੰ ਛੂਹਿਆ ਹੈ ਤੇ ਦੁਨੀਆਂ ਨੂੰ ਸੱਚ ਦੇ ਰਸਤੇ 'ਤੇ ਤੋਰਿਆ ਹੈ। ਪਰ ਅੱਜਕਲ੍ਹ ਧਰਮ ਦਾ ਰੂਪ ਰੰਗ ਹੀ ਬਦਲ ਗਿਆ ਹੈ। ਅੱਜ ਧਰਮ ਦੇ ਠੇਕੇਦਾਰ ਧਰਮ ਨੂੰ ਇੱਕ ਬਿਜ਼ਨੈਸ ਦੇ ਤੌਰ 'ਤੇ ਲੈ ਰਹੇ ਹਨ। ਅੱਜਕਲ੍ਹ ਆਮ ਹੀ ਕਾਰ ਸੇਵਾ, ਧਾਰਮਕ ਸਮਾਗਮ, ਜਗਰਾਤਾ, ਸ੍ਰੀ ਅਖੰਡ ਪਾਠ ਸਾਹਿਬ, ਕੀਰਤਨ ਦਰਬਾਰ ਆਦਿ ਦੇ ਨਾਂ 'ਤੇ ਚੰਦੇ ਅਤੇ ਸਮੱਗਰੀ ਇਕੱਠੀ ਕਰਦੀਆਂ ਟੋਲੀਆਂ ਦੇਖੀਆਂ ਜਾ ਸਕਦੀਆਂ ਹਨ। ਕੁਝ ਸਹੀ ਸਮਾਗਮ ਹੁੰਦੇ ਵੀ ਹਨ ਪਰ ਬਹੁਤੇ ਸਮਾਗਮ ਤਾਂ ਆਪਣੇ ਘਰ ਭਰਨ ਵਾਸਤੇ ਹੀ ਕਰਵਾਏ ਜਾਂਦੇ ਹਨ। ਬਹੁਤੇ ਸਮਾਗਮਾਂ ਵਿੱਚ ਤਾਂ ਸਮਾਗਮ ਤੋਂ ਬਾਅਦ ਇਹੀ ਦੇਖਿਆ ਜਾਂਦਾ ਹੈ ਕਿ ਐਤਕੀਂ ਇਸ ਸਮਾਗਮ ਵਿੱਚ ਕਿੰਨੀ ਬੱਚਤ ਹੋਈ। ਸਭ ਪਾਸੇ ਧਰਮ ਦੇ ਨਾਂ 'ਤੇ ਲੁੱਟਣ ਵਾਲੇ ਲੋਟੂ ਸਾਧ ਬੈਠੇ ਹਨ।
ਭਾਰਤ ਦਾ ਕਮਾਊ ਪੁੱਤਰ ਪੰਜਾਬ ਅੱਜ ਕਲ੍ਹ ਕਈ ਪਾਸਿਓਂ ਨਿਘਾਰ ਵੱਲ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਏਨਾ ਬੋਲਬਾਲਾ ਵੱਧ ਗਿਆ ਹੈ ਕਿ ਇਸ ਨੂੰ ਕਾਬੂ ਕਰਨਾ ਅਸੰਭਵ ਹੋ ਗਿਆ ਹੈ। ਹਰ ਖੇਤਰ ਵਿੱਚ ਹੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਇਥੋਂ ਤੱਕ ਕਿ ਧਰਮ ਅਤੇ ਧਾਰਮਕ ਸਥਾਨ ਵੀ ਭ੍ਰਿਸ਼ਟਾਚਾਰ ਤੋਂ ਸੱਖਣੇ ਨਹੀਂ ਰਹੇ। ਬਲਕਿ ਇਹ ਕਹਿ ਸਕਦੇ ਹਾਂ ਕਿ ਧਰਮ ਅਤੇ ਧਾਰਮਿਕ ਸਥਾਨਾਂ 'ਤੇ ਤਾਂ ਜ਼ਿਆਦਾ ਲੁੱਟ ਮੱਚੀ ਹੋਈ ਹੈ। ਅਖੌਤੀ ਸਾਧ ਸੰਤ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰ ਕੇ ਲੁੱਟੀ ਜਾ ਰਹੇ ਹਨ।
ਜਿਨ੍ਹਾਂ ਦੀ ਘਰ ਵਿੱਚ ਕੋਈ ਬਾਤ ਨਹੀਂ ਪੁੱਛਦਾ, ਉਹ ਲੰਮੇ-ਲੰਮੇ ਚੋਲੇ ਪਾ ਕੇ ਆਪਣੇ ਨਾਲ ਦੋ-ਚਾਰ ਲੁੱਚੇ-ਲੰਡੇ ਇਕੱਠੇ ਕਰ ਕੇ ਕੋਈ ਡੇਰਾ ਬਣਾ ਕੇ ਬੈਠ ਜਾਂਦੇ ਹਨ ਹੋਰ ਵੀ ਕਈ ਵਿਹਲੜ ਆ ਜਾਂਦੇ ਹਨ ਬਾਬਿਆਂ ਦਾ ਸਾਥ ਦੇਣ ਵਾਸਤੇ। ਇਹ ਸੋਚ ਕੇ ਖ਼ਬਰੇ ਬਾਬਿਆਂ ਦਾ ਠੱਗ-ਠੱਗਾ ਚੱਲ ਹੀ ਪਏ ਤੇ ਅਸੀਂ ਵੀ 'ਵਗਦੀ ਗੰਗਾ ਵਿੱਚ ਚੁੱਭੀ ਮਾਰ ਹੀ ਲਵਾਂਗੇ।' ਅਜਿਹੇ ਲੋਕ ਗਰੀਬ ਤੇ ਬੇਵੱਸ ਜਨਤਾ ਨੂੰ ਬੇਰਹਿਮੀ ਨਾਲ ਲੁੱਟਦੇ ਹਨ। ਮਾਇਆ ਦੀ ਖਾਤਰ ਕਈ ਹੱਥਕੰਡੇ ਵਰਤਦੇ ਹਨ। ਉਹ ਸੰਤ ਨਹੀਂ ਜਿਹੜੇ ਘਰ-ਘਰ ਮੰਗਦੇ ਫਿਰਨ। ਸੇਵਾ, ਲੰਗਰ ਤੇ ਪਾਠਾਂ ਦੇ ਨਾਮ 'ਤੇ ਮਾਇਆ ਬਟੋਰਨ। ਮਾਇਆ ਨਾ ਮਿਲਣ ਤੇ ਗੁੱਸੇ ਵਿੱਚ ਆ ਜਾਣ ਤੇ ਸਰਾਪ ਦੇ ਦੇਣ। ਅਜਿਹੇ ਕਲਯੁਗੀ ਬਾਬੇ ਸੰਤ ਨਹੀਂ ਸੰਤ ਦੇ ਭੇਸ ਵਿੱਚ ਲੁਟੇਰੇ ਹਨ।
ਪਿਛਲੇ ਸਾਲਾਂ ਵਿੱਚ ਇੱਕ ਘਟਨਾ ਸੁਨਣ ਨੂੰ ਮਿਲੀ ਸੀ ਕਿ ਕਿ ਨਵ-ਵਿਵਾਹਿਤਾ ਜੋੜਾ ਰਾਤ ਨੂੰ ਮੋਟਰ ਸਾਈਕਲ 'ਤੇ ਜਾ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਦਾ ਮੋਟਰ ਸਾਈਕਲ ਖਰਾਬ ਹੋ ਗਿਆ। ਉਹ ਹੌਲੀ-ਹੌਲੀ ਤੁਰੇ ਆਏ। ਤੁਰਦੇ-ਤੁਰਦੇ ਉਹ ਦਰਿਆ ਦੇ ਪੁੱਲ 'ਤੇ ਪਹੁੰਚ ਗਏ ਜਿਥੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਜੋੜੇ ਨੇ ਪੁਲਿਸ ਨੂੰ ਮਦਦ ਕਰਨ ਲਈ ਕਿਹਾ। ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਤੁਸੀਂ ਮੋਟਰ ਸਾਈਕਲ ਇਥੇ ਖੜ੍ਹਾ ਕਰ ਦਿਉ ਤੇ ਉਹ ਦਰਿਆ ਦੇ ਕੰਢੇ 'ਤੇ ਡੇਰਾ ਹੈ ਤੁਸੀਂ ਉਥੇ ਜਾ ਕੇ ਰਾਤ ਕੱਟ ਲਵੋ। ਉਹ ਜੋੜਾ (ਪਤੀ-ਪਤਨੀ) ਮੋਟਰ ਸਾਈਕਲ ਉਥੇ ਖੜ੍ਹਾ ਕਰ ਕੇ ਉਸ ਡੇਰੇ ਵਿੱਚ ਚਲੇ ਗਏ। ਉਥੇ ਜਾ ਕੇ ਉਨ੍ਹਾਂ ਨੇ ਰਾਤ ਕੱਟਣ ਲਈ ਬੇਨਤੀ ਕੀਤੀ ਤਾਂ ਉਸ ਡੇਰੇ ਦਾ ਮਹੰਤ ਕਹਿਣ ਲੱਗਾ ਕਿ ਅਸੀਂ ਤੁਹਾਨੂੰ ਦੋਹਾਂ ਨੂੰ ਇੱਕ ਕਮਰੇ ਵਿੱਚ ਨਹੀਂ ਪਾ ਸਕਦੇ। ਤੁਹਾਨੂੰ ਅਲੱਗ-ਅਲੱਗ ਕਮਰਿਆਂ ਵਿੱਚ ਪੈਣਾ ਪਵੇਗਾ। ਉਸ ਜੋੜੇ ਦੇ ਮਨ ਵਿੱਚ ਡੇਰੇ ਪ੍ਰਤੀ ਸ਼ਰਧਾ ਹੋਣ ਕਰ ਕੇ ਉਹ ਵੱਖ-ਵੱਖ ਕਮਰਿਆਂ ਵਿੱਚ ਪੈਣ ਲਈ ਮੰਨ ਗਏ। ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹੀ ਘਟਨਾ ਵਾਪਰ ਜਾਵੇਗੀ। ਰਾਤ ਨੂੰ ਡੇਰੇ ਦੇ ਮਹੰਤ ਨੇ ਉਸ ਨਵ-ਵਿਵਾਹਿਤਾ ਕੁੜੀ 'ਤੇ ਹਮਲਾ ਕਰ ਦਿੱਤਾ। ਉਸ ਦੇ ਕੀਮਤੀ ਗਹਿਣੇ ਉਤਾਰ ਲਏ, ਉਸ ਨਾਲ ਬਦਤਮੀਜ਼ੀ ਕੀਤੀ ਤੇ ਉਸ ਨੂੰ ਮਾਰ ਕੇ ਦਰਿਆ ਵਿੱਚ ਰੋੜ੍ਹ ਦਿੱਤਾ। ਬਾਅਦ ਵਿੱਚ ਉਸ ਦੇ ਪਤੀ (ਉਸ ਨੌਜੁਵਾਨ) ਨੂੰ ਵੀ ਮਾਰ ਕੇ ਦਰਿਆ ਵਿੱਚ ਸੁੱਟ ਦਿੱਤਾ। ਉਸ ਨੌਜੁਆਨ ਕੋਲ ਮੋਬਾਇਲ ਸੀ ਉਸ ਨੇ ਰਾਤ ਨੂੰ ਪੈਣ ਲੱਗੇ ਆਪਣੇ ਘਰ ਫ਼ੋਨ ਕਰ ਦਿੱਤਾ ਸੀ ਕਿ ਅਸੀਂ ਫ਼ਲਾਣੇ ਡੇਰੇ ਵਿੱਚ ਰਾਤ ਕੱਟ ਰਹੇ ਹਾਂ। ਦੂਸਰੇ ਦਿਨ ਜਦ ਉਹ ਘਰ ਨਾ ਪਹੁੰਚੇ ਤਾਂ ਉਨ੍ਹਾਂ ਦੇ ਘਰਦਿਆਂ ਨੇ ਪੜਤਾਲ ਕੀਤੀ। ਉਨ੍ਹਾਂ ਨੇ ਡੇਰੇ ਵਿੱਚ ਆ ਕੇ ਮਹੰਤ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਇਥੇ ਆਏ ਹੀ ਨਹੀਂ। ਬਾਅਦ ਵਿੱਚ ਪੁਲਿਸ ਤੱਕ ਪਹੁੰਚੇ ਤਾਂ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਮੋਟਰ ਸਾਈਕਲ ਤਾਂ ਇਥੇ ਖੜ੍ਹਾ ਹੈ ਉਹ ਉਸ ਡੇਰੇ ਵਿੱਚ ਗਏ ਸਨ ਪਰ ਵਾਪਿਸ ਨਹੀਂ ਆਏ। ਜਦ ਪੁਲਿਸ ਨੇ ਡੇਰੇ ਵਿੱਚ ਜਾ ਕੇ ਉਸ ਮਹੰਤ ਦਾ ਕੁਟਾਪਾ ਚਾੜ੍ਹਿਆ ਤਾਂ ਉਹ ਮੰਨ ਗਿਆ ਕਿ...। ਪਤਾ ਨਹੀਂ ਇਹ ਘਟਨਾ ਅਸਲੀਅਤ ਸੀ ਜਾਂ ਅਫਵਾਹ। ਜੇਕਰ ਅਸਲੀਅਤ ਸੀ ਤਾਂ ਅਜਿਹੇ ਡੇਰਿਆਂ ਦੇ ਮਹੰਤਾਂ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ...?
ਅੱਜ ਪੜਤਾਲ ਕਰੀਏ ਤਾਂ 100 ਵਿੱਚੋਂ 50 ਸੰਤ ਬਾਬੇ ਅਜਿਹੇ ਹੀ ਨਜ਼ਰ ਆਉਣਗੇ। ਅਜਿਹੇ ਕਲਯੁੱਗੀ ਬਾਬਿਆਂ ਕਾਰਨ ਸਿੱਖ ਧਰਮ ਗਿਰਾਵਟ ਵੱਲ ਜਾ ਰਿਹਾ ਹੈ। ਅਜਿਹੇ ਅਖੌਤੀ ਬਾਬੇ, ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਦਾ ਨਾਮ ਬਦਨਾਮ ਕਰ ਰਹੇ ਹਨ।
ਨੌਜਵਾਨ ਲੜਕੀਆਂ ਦਾ ਡੇਰੇ ਦੇ ਮਹੰਤ ਵੱਲੋਂ ਸਰੀਰਕ ਸ਼ੋਸ਼ਨ ਤਾਂ ਆਮ ਜਿਹੀ ਗੱਲ ਹੋਈ ਪਈ ਹੈ। ਅਜਿਹੀਆਂ ਖ਼ਬਰਾਂ ਤਾਂ ਆਮ ਹੀ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ। ਗੁਰਦੁਆਰਿਆਂ, ਮੰਦਰਾਂ, ਮਠਾਂ, ਅਖਾੜਿਆਂ, ਆਸ਼ਰਮਾਂ ਤੇ ਡੇਰਿਆਂ ਵਿੱਚ ਗੱਦੀ ਦੇ ਲਾਲਚ ਵਿੱਚ ਕਤਲ ਹੋ ਜਾਣੇ ਤਾਂ ਨਿਤ-ਪ੍ਰਤੀ ਦੀਆਂ ਘਟਨਾਵਾਂ ਹਨ। ਸਭ ਪਾਸੇ ਚੌਧਰ ਦਾ ਚੱਕਰ ਹੈ ਤੇ ਚੌਧਰ ਹੈ ਪੈਸੇ ਲਈ। ਪੈਸੇ ਲਈ ਸਭ ਕੁਝ ਹੋ ਰਿਹਾ ਹੈ 'ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਹੈ'।
ਧਰਮ ਵਿੱਚ ਇੰਨੀ ਗਿਰਾਵਟ ਆ ਜਾਣ ਦਾ ਮੁੱਖ ਕਾਰਨ ਇਹੀ ਹੈ ਕਿ ਧਰਮ ਦਾ ਸਹੀ ਰਸਤਾ ਵਿਖਾਉਣ ਵਾਲੇ ਮਹਾਂਪੁਰਸ਼ ਬਹੁਤ ਘੱਟ ਹਨ ਬਹੁਤ ਸਾਰੇ ਤਾਂ ਵਿਹਲੜ ਹੀ ਚੋਲੇ ਪਾ ਕੇ ਬੈਠ ਗਏ ਹਨ। ਲੱਖਾਂ ਅਜਿਹੇ ਅਗਿਆਨੀ ਮਨੁੱਖ ਹਨ ਜਿਨ੍ਹਾਂ ਨੂੰ ਧਰਮ ਦਾ ੳ, ਅ ਵੀ ਨਹੀਂ ਆਉਂਦਾ। ਉਹ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ। ਜਿਨ੍ਹਾਂ ਕੋਲ ਆਪਣੇ ਕੋਲ ਕੁਝ ਨਹੀਂ ਉਹ ਕਿਸੇ ਨੂੰ ਕੀ ਦੇ ਸਕਦੇ ਹਨ। ਅਜਿਹੇ ਘਟੀਆ ਲੋਕ, ਕਾਲੇ ਕਾਰਨਾਮੇ ਕਰ ਕੇ ਸਹੀ ਮਹਾਂਪੁਰਸ਼ਾਂ ਤੇ ਪੀਰਾਂ, ਫ਼ਕੀਰਾਂ ਦਾ ਨਾਮ ਮਿੱਟੀ ਵਿੱਚ ਮਿਲਾ ਰਹੇ ਹਨ। ਇਸੇ ਕਾਰਨ ਦਿਨੋਂ-ਦਿਨ ਲੋਕਾਂ ਦਾ ਧਰਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਅਜਿਹੇ ਕਾਲੇ ਕਾਰਨਾਮੇ ਕਰਨ ਵਾਲੇ ਪਾਖੰਡੀ ਸਾਧਾਂ ਤੇ ਅਖੌਤੀ ਬਾਬਿਆਂ ਦੇ ਗਿਰੇਵਾਨ ਨੂੰ ਕੋਈ ਹੱਥ ਵੀ ਨਹੀਂ ਪਾ ਸਕਦਾ ਕਿਉਂਕਿ ਕੁਝ ਵੀ ਰੂੜੀਵਾਦੀ ਸੋਚ ਦੇ ਧਾਰਨੀ ਲੋਕਾਂ ਵਿੱਚ ਇਨ੍ਹਾਂ ਦਾ ਚੰਗਾ ਮਾਨ-ਸਨਮਾਨ ਹੁੰਦਾ ਹੈ ਤੇ ਉਹ ਧਰਮ ਦੇ ਨਾਂ 'ਤੇ ਬਹੁਤ ਛੇਤੀ ਭੜਕ ਉੱਠਦੇ ਹਨ। ਦੂਸਰਾ ਸਮੇਂ ਦੀਆਂ ਸਰਕਾਰਾਂ ਵੀ ਇਨ੍ਹਾਂ ਨਾਲ ਚੰਗਾ ਲਗਾਉ ਰੱਖਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਵੋਟਾਂ ਨਾਲ ਮਤਲਬ ਹੁੰਦਾ ਹੈ। ਤੀਸਰਾ ਇਨ੍ਹਾਂ ਕੋਲ ਚੜ੍ਹਾਵੇ ਇੰਨੇ ਚੜ੍ਹਦੇ ਹਨ ਜਿਸ ਨਾਲ ਇਹ ਕੁਝ ਵੀ ਕਰ ਸਕਦੇ ਹਨ। ਜੇਕਰ ਕੋਈ ਇਨ੍ਹਾਂ ਦੇ ਖ਼ਿਲਾਫ਼ ਬੋਲਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਬਾਕੀ ਨਾਲ ਦੇ ਖੜ੍ਹੇ ਤਮਾਸ਼ਾ ਦੇਖੀ ਜਾਂਦੇ ਹਨ। ਮੀਡੀਆ ਇਸ ਦੇ ਵਿਰੁੱਧ ਆਵਾਜ਼ ਇਸ ਲਈ ਵੀ ਨਹੀਂ ਉਠਾਉਂਦਾ ਕਿਉਂਕਿ ਉਸ ਨੂੰ ਅਜਿਹੇ ਅਖੌਤੀ ਸਾਧਾਂ-ਸੰਤਾਂ ਤੋਂ ਮੋਟੀਆਂ ਰਕਮਾਂ ਮਿਲਦੀਆਂ ਹਨ ਇਸ਼ਤਿਹਾਰਾਂ ਦੇ ਰੂਪ ਵਿੱਚ।
ਧਰਮ ਨੂੰ ਲੋਕ ਆਪਣੇ ਸੁਆਰਥ ਲਈ ਵਰਤਨ ਲੱਗ ਪਏ ਹਨ। ਜਿਥੇ ਵੀ ਕਿਸੇ ਜ਼ਮੀਨ-ਜਾਇਦਾਦ ਦਾ ਝਗੜਾ ਹੋਵੇ ਉਥੇ ਨਿਸ਼ਾਨ ਸਾਹਿਬ ਲਗਾ ਦਿੱਤਾ ਜਾਂਦਾ ਹੈ। ਕੁਝ ਸਮੇਂ ਬਾਅਦ ਨਿਸ਼ਾਨ ਸਾਹਿਬ ਗ਼ਾਇਬ ਹੋ ਜਾਂਦਾ ਹੈ। ਕਈ ਥਾਵਾਂ 'ਤੇ ਗੁਰਦੁਆਰੇ ਬਣਾ ਕੇ ਬਾਅਦ ਵਿੱਚ ਵੇਚ ਦਿੱਤੇ ਜਾਂਦੇ ਹਨ। ਕਈ ਰੌਲੇ ਵਾਲੀਆਂ ਜਗ੍ਹਾ 'ਤੇ ਕਿੰਨੇ ਲੰਮੇ ਸਮੇਂ ਤੋਂ ਨਿਸ਼ਾਨ ਸਾਹਿਬ ਗੱਡੇ ਪਏ ਹਨ। ਉਹ ਨਿਸ਼ਾਨ ਸਾਹਿਬ ਵਿੰਗੇ ਟੇਢੇ ਹੋਏ ਪਏ ਹਨ। ਉਨ੍ਹਾਂ ਨੂੰ ਜੰਗਾਲ ਲੱਗ ਚੁੱਕਾ ਹੈ। ਕੋਈ ਇਸ ਦੀ ਸਾਰ ਨਹੀਂ ਲੈਂਦਾ। ਅਜਿਹੇ ਨਿਸ਼ਾਨ ਸਾਹਿਬ ਕਈ ਥਾਈਂ ਲੱਗੇ ਦਿਸਦੇ ਹਨ। ਧਰਮ ਦੇ ਪਵਿੱਤਰ ਨਿਸ਼ਾਨ ਦੀ ਕਿੱਡੀ ਵੱਡੀ ਬੇਅਦਬੀ ਕੀਤੀ ਜਾ ਰਹੀ ਹੈ। ਧਰਮ ਦੀਆਂ ਨਿਸ਼ਾਨੀਆਂ ਨੂੰ ਮਾਣ-ਸਨਮਾਨ ਦੇਣ ਅਤੇ ਇਸ ਦਾ ਧਿਆਨ ਰੱਖਣ ਵੱਲ ਕਿਸੇ ਦਾ ਧਿਆਨ ਨਹੀਂ। ਬੱਸ ਧਰਮ ਦੇ ਨਾਂ 'ਤੇ ਆਪਣੇ ਬੋਝੇ ਭਰਨ ਵੱਲ ਸਭ ਦਾ ਧਿਆਨ ਹੈ। ਅਜਿਹੇ ਹੀ ਕਾਰਨ ਧਰਮ ਨੂੰ ਗਿਰਾਵਟ ਵੱਲ ਲਿਜਾ ਰਹੇ ਹਨ।
ਲੋਕ ਫਿਰ ਵੀ ਨਹੀਂ ਸਮਝਦੇ। ਅੱਖਾਂ ਮੀਚ ਕੇ ਅਜਿਹੇ ਸਥਾਨਾਂ 'ਤੇ ਚੜ੍ਹਾਵੇ ਚੜ੍ਹਾਈ ਜਾਂਦੇ ਹਨ। ਵੱਡੀਆਂ-ਵੱਡੀਆਂ ਜ਼ਮੀਨਾਂ ਜਾਇਦਾਦਾਂ ਡੇਰੇ ਦੇ ਨਾਮ ਕਰਵਾਈ ਜਾਂਦੇ ਹਨ। ਇਹ ਵੀ ਨਹੀਂ ਸੋਚਦੇ ਕਿ ਇਹ ਪੈਸਾ ਕਿੱਥੇ ਲੱਗ ਰਿਹਾ ਹੈ, ਕਿਤੇ ਮੁਕਤੀ ਪ੍ਰਾਪਤ ਕਰਨ ਲਈ ਦਾਨ ਦਿੱਤਾ ਪੈਸਾ ਗ਼ਲਤ ਪਾਸੇ ਤਾਂ ਇਸਤੇਮਾਲ ਨਹੀਂ ਹੋ ਰਿਹਾ ਹੈ?
ਸਾਡੇ ਗੁਰੂ ਸਾਹਿਬਾਨ ਨੇ ਤਾਂ ਧਰਮ ਦੀ ਆਨ-ਸ਼ਾਨ ਬਰਕਰਾਰ ਰੱਖਣ ਲਈ ਆਪਣਾ ਸਰਬੰਸ ਵਾਰ ਦਿੱਤਾ ਪਰ ਅੱਜ ਕੁਝ ਧਰਮ ਦੇ ਠੇਕੇਦਾਰ ਆਪਣੀ ਆਨ-ਸ਼ਾਨ ਬਰਕਰਾਰ ਰੱਖਣ ਲਈ ਧਰਮ ਹੀ ਵਾਰੀ ਜਾ ਰਹੇ ਹਨ। ਅਸੀਂ ਆਪਣੇ ਗੁਰੂਆਂ-ਪੀਰਾਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਤਾਰਿਆ? ਅਸੀਂ ਤਾਂ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਵਿਆਜ ਵੀ ਨਹੀਂ ਤਾਰ ਰਹੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਗਏ ਸਨ ਤੇ 'ਗੁਰੂ ਮਾਨਿਓ ਗ੍ਰੰਥ' ਦਾ ਉਪਦੇਸ਼ ਦੇ ਗਏ ਸਨ। ਅਸੀਂ ਉਨ੍ਹਾਂ ਦੀ ਸੱਚੀ ਸਿੱਖਿਆ ਨੂੰ ਭੁਲਾ ਕੇ ਪਾਖੰਡੀ ਸਾਧਾਂ ਤੇ ਅਖੌਤੀ ਬਾਬਿਆਂ ਦੇ ਮਗਰ ਭੱਜੇ ਫਿਰਦੇ ਹਾਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਅਦ ਵਿਚ ਮੱਥਾ ਟੇਕਦੇ ਹਾਂ ਪਹਿਲਾਂ ਅਖੌਤੀ ਸਾਧਾਂ ਸੰਤਾਂ ਦੇ ਚਰਨਾਂ ਵਿੱਚ ਜਾ ਡਿੱਗਦੇ ਹਾਂ।
'ਗੁਰੂ ਬਿਨਾਂ ਗਤ ਨਹੀਂ' ਵਰਗੇ ਅਖਾਣ ਨੂੰ ਵੀ ਠੁਕਰਾਇਆ ਨਹੀਂ ਜਾ ਸਕਦਾ। ਪਰ ਗੁਰੂ ਧਾਰਨ ਕਰਨ ਤੋਂ ਪਹਿਲਾਂ ਇੰਨੀ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਅਜਿਹੇ ਗੁਰੂ ਦੇ ਚਰਨੀ ਲੱਗਿਆ ਜਾਵੇ ਜਿਹੜਾ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ। ਸਹੀ ਸੰਤ, ਮਹਾਂਪੁਰਖ ਗੱਡੀਆਂ ਵਿੱਚ ਨਹੀਂ ਘੁੰਮਦੇ, ਮਹਿਲਾਂ ਵਿੱਚ ਨਹੀਂ ਰਹਿੰਦੇ, ਬਾਡੀਗਾਰਡ ਨਹੀਂ ਰੱਖਦੇ। ਸਹੀ ਸੰਤ ਉਹੀ ਹਨ ਜਿਨ੍ਹਾਂ ਨੇ ਆਪਣਾ ਆਪ ਵਾਰ ਦਿੱਤਾ ਗਰੀਬਾਂ, ਬੇਸਹਾਰਾ ਤੇ ਲੋੜਵੰਦਾਂ ਲਈ। ਸਹੀ ਸੰਤ ਸਨ ਬਾਬਾ ਨੰਦ ਸਿੰਘ ਜੀ ਕਲੇਰਾਂਵਾਲੇ, ਜਿਹੜੇ ਕੁੱਲੀ ਵਿੱਚ ਰਹਿੰਦੇ ਸਨ ਤੇ ਜਾਣ ਲੱਗੇ ਆਪਣੀ ਕੁੱਲੀ ਵੀ ਢਾਅ ਜਾਂਦੇ ਸਨ। ਸਹੀ ਸੰਤ ਸਨ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਮੀਨ-ਜਾਇਦਾਦ ਲੋਕ ਸੇਵਾ ਵਿੱਚ ਲਗਾ ਦਿੱਤੀ। ਸੰਤ ਦਾ ਦਰਜਾ ਦੇਣਾ ਚਾਹੀਦਾ ਸੀ ਭਗਤ ਪੂਰਨ ਸਿੰਘ ਜੀ ਨੂੰ ਜਿਨ੍ਹਾਂ ਨੇ ਪਿੰਗਲਵਾੜੇ ਦੀ ਸਥਾਪਨਾ ਕੀਤੀ ਉਨ੍ਹਾਂ ਨੇ ਸੰਤ ਹੋਣ ਦਾ ਫ਼ਰਜ਼ ਨਿਭਾਇਆ, ਜ਼ਰੂਰਤਮੰਦਾਂ ਦੇ ਕੰਮ ਆਏ। ਪਰ ਉਨ੍ਹਾਂ ਨੂੰ ਕਿਸੇ ਨੇ ਸੰਤ ਹੋਣ ਦਾ ਮਾਣ ਨਹੀਂ ਦਿੱਤਾ। ਸੰਤ ਉਹੀ ਜਿਹੜਾ ਸਭ ਦਾ ਭਲਾ ਸੋਚੇ।
Last Updated ( Thursday, 10 December 2009 )
 
< Prev   Next >
Advertisement
Advertisement
Advertisement
Advertisement