ਅਜ਼ਾਦੀ ਦੀ ਸੋਚ ਬੇਇਨਸਾਫ਼ੀ ’ਚੋਂ ਉਪਜਦੀ ਹੈ। ਜਦੋਂ ਕੌਮ ਜਾਂ ਸਮਾਜ ਗੁਲਾਮੀ ਨੂੰ ਆਪਣੀ ਕਿਸਮਤ ਸਮਝਣ ਲੱਗ ਜਾਵੇ ਤਾਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਵਰਗੇ ਯੋਧੇ ਸੱਚ ਦਾ ਹੋਕਾ ਦੇਣ ਲਈ ਕਮਰਕਸੇ ਕਰ ਲੈਂਦੇ ਹਨ। ਇਹ ਵਰਤਾਰਾ ਯੁੱਗਾਂ ਯੁਗੰਤਰਾਂ ਤੋਂ ਚਲਦਾ ਆ ਰਿਹਾ ਹੈ। ਆਪਣੇ ਹੀ ਲੋਕਾਂ ਨੂੰ ਗੁਲਾਮੀ ਦੇਣ ਵਾਲੇ ਜਾਂ ਗੁਲਾਮੀ ਪੈਦਾ ਕਰਨ ਵਿਚ ਭਾਈਵਾਲ ਲੋਕ ਨੂੰ ਸ੍ਰ. ਠੀਕਰੀਵਾਲਾ ਵਰਗੇ ਕ੍ਰਾਂਤੀਕਾਰੀ ਵਿਅਕਤੀਆਂ ਤੋਂ ਜਦੋਂ ਆਪਣੀ ਸਲਤਨਤ ਨੂੰ ਖਤਰਾ ਮਹਿਸੂਸ ਹੋਣ ਲੱਗਦਾ ਹੈ ਤਾਂ ਉਹ ਆਪਣੀ ਗੈਰਮਨੁੱਖੀ ਸੋਚਣੀ ਨਾਲ ਸਮਝਦੇ ਹਨ ਕਿ ਉਹ ਕ੍ਰਾਂਤੀਕਾਰੀ ਵਿਅਕਤੀਆਂ ਨੂੰ ਜੇਲਾਂ ਵਿਚ ਬੰਦ ਕਰਕੇ ਜਾਂ ਸਿੱਧੇ ਅਸਿੱਧੇ ਢੰਗ ਨਾਲ ਖਤਮ ਕਰਕੇ ਲੋਕਾਂ ’ਤੇ ਹਕੂਮਤ ਦਾ ਡੰਡਾ ਚਲਦਾ ਰੱਖ ਸਕਣਗੇ। ਡੰਡਾਧਾਰੀ ਹਾਕਮਾਂ ਦੀ ਇਹ ਸੋਚ ਹਮੇਸ਼ਾ ਹੀ ਗਲਤ ਸਿੱਧ ਹੋਈ ਹੈ। ਜਦੋਂ ਸੇਵਾ ਸਿੰਘ ਠੀਕਰੀਵਾਲਾ ਤੋਂ ਸਮੇਂ ਦੀ ਸਰਕਾਰ ਨੂੰ ਖਤਰਾ ਮਹਿਸੂਸ ਹੋਇਆ ਤਾਂ ਉਹਨਾਂ ਇਸ ਇਨਕਲਾਬੀ ਅਵਾਜ਼ ਨੂੰ ਬੰਦ ਕਰਨ ਲਈ ਡੇਰਾ ਬਾਬਾ ਗਾਂਧਾ ਸਿੰਘ ਵਿਚੋਂ ਗੜਬੀ ਚੋਰੀ ਦਾ ਕੇਸ ਪਾ ਕੇ (1926 ਤੋਂ 1929) ਤੱਕ ਪਟਿਆਲਾ ਦੀ ਕੇਂਦਰੀ ਜੇਲ ਵਿਚ ਬੰਦ ਕਰ ਦਿੱਤਾ। ਡੇਰੇ ਦੇ ਮਹੰਤ ਰਘਵੀਰ ਸਿੰਘ ਨੇ ਅਦਾਲਤ ਨੂੰ ਬਿਆਨ ਵੀ ਦਿੱਤਾ ਕਿ ਡੇਰੇ ਵਿਚੋਂ ਕੋਈ ਗੜਬੀ ਚੋਰੀ ਨਹੀਂ ਹੋਈ ਪਰ ਹਕੂਮਤ ਦਾ ਮਕਸਦ ਤਾਂ ਇਸ ਕ੍ਰਾਂਤੀਕਾਰੀ ਅਵਾਜ਼ ਨੂੰ ਜੇਲ ਵਿਚ ਬੰਦ ਰੱਖਣਾ ਸੀ ਜੋ ਉਹਨਾਂ ਕੁਝ ਸਮੇਂ ਲਈ ਭਾਵੇਂ ਸਫਲਤਾ ਸਹਿਤ ਕਰ ਪਰ ਕੀ ਫਿਰ ਵੀ ਸੇਵਾ ਸਿੰਘ ਠੀਕਰੀਵਾਲਾ ਦੀ ਸੋਚ ਨੂੰ ਗੁਲਾਮ ਕੀਤਾ ਜਾ ਸਕਿਆ ਸੀ ਇਹ ਗੱਲ ਮੌਜੂਦਾ ਸਮੇਂ ਦੇ ਹਾਕਮਾਂ ਲਈ ਸਬਕ ਹੋਣੀ ਚਾਹੀਦੀ ਹੈ?
ਭਾਵੇਂ ਕ੍ਰਾਂਤੀਕਾਰੀ ਲੋਕਾਂ ਨੂੰ ਜੇਲਾਂ ਦੀਆਂ ਉ¤ਚੀਆਂ ਕੰਧਾਂ ਅੰਦਰ ਬੰਦ ਕਰਕੇ ਸੱਚ ਦੀ ਅਵਾਜ਼ ਨੂੰ ਜਿੰਦਰੇ ਲਗਾ ਦੇਣ ਦੀ ਪ੍ਰਵਿਰਤੀ ਅੱਜ ਵੀ ਬਰਕਰਾਰ ਹੈ, ਪਰ ਚਾਨਣ ਦੇ ਛੱਟੇ ਵਿਚੋਂ ਉਪਜੀਆਂ ਰਿਸ਼ਮਾਂ ਦੀ ਚਾਨਣੀ ਕਦੇ ਮੱਧਮ ਨਹੀਂ ਹੋਈ। ਕੌਮੀ ਆਗੂਆਂ ਦੇ ਦ੍ਰਿੜ ਇਰਾਦੇ ਕੌਮਾਂ ਅਤੇ ਦੇਸ਼ਾਂ ਦਾ ਮਾਰਗ ਦਰਸਾ ਕੇ ਸਮਾਜ ਦਾ ਭਵਿੱਖ ਸੁਨਹਿਰਾ ਕਰਨ ਵਿਚ ਸਹਾਈ ਹੁੰਦੇ ਰਹੇ ਹਨ।
ਸ੍ਰ. ਸੇਵਾ ਸਿੰਘ ਜੀ ਦਾ ਜੀਵਨ ਲਿਖਣ ਸਮੇਂ ਅਕਸਰ ਬਹੁਤੇ ਲੇਖਕ ਉਹਨਾਂ ਨੂੰ ਸਿੰਘ ਸਭਾ ਲਹਿਰ ਦੀ ਉਪਜ ਲਿਖਦੇ ਹਨ, ਪਰ ਇਤਿਹਾਸ ਪੜਦਿਆਂ ‘ਸਿੰਘ ਸਭਾ ਲਹਿਰ’ ਉਹਨਾਂ ਦਾ ਜੀਵਨ ਚਿਤਰਨ ਦਾ ਇਕੋ ਇਕ ਕਾਰਨ ਨਜ਼ਰ ਨਹੀਂ ਆਉਂਦਾ। ਸਮਾਜਿਕ ਜਾਂ ਕੌਮੀ ਲਹਿਰਾਂ ਦੇ ਰਥਵਾਨ ਕਿਸੇ ਇਤਿਹਾਸਕ ਜਾਂ ਲੋਕ ਲਹਿਰ ਵਿਚੋਂ ਆਪਣੇ ਵਿਚਾਰਾਂ ਨੂੰ ਮਜ਼ਬੂਤ ਕਰਨ ਲਈ ਇਕ ਢੰਗ ਵਜੋਂ ਵਰਤਦੇ ਰਹੇ ਹਨ। ਸ੍ਰ. ਸੇਵਾ ਸਿੰਘ ਵਲੋਂ ਆਪਣੇ ਪਿੰਡ ਵਿਚ ਹੀ ਸਥਾਪਿਤ ਕੀਤਾ ਗੁਰਦੁਆਰਾ ਸਾਹਿਬ ਇਸ ਗੱਲ ਦੀ ਪ੍ਰਤੱਖ ਮਸਾਲ ਆਖੀ ਜਾ ਸਕਦੀ ਹੈ। ਇਤਿਹਾਸਕ ਪਿੰਡ ਠੀਕਰੀਵਾਲਾ ਵਿਚ ਨਵਾਬ ਕਪੂਰ ਸਿੰਘ ਤਿੰਨ ਵੇਰ ਆਏ ਸਨ, ਬਾਬਾ ਆਲਾ ਸਿੰਘ ਜੋ ਪਟਿਆਲੇ ਘਰਾਣੇ ਦੇ ਪੁਰਖੇ ਸਨ, ਉਹਨਾਂ ਦੀ ਨਵਾਬ ਕਪੂਰ ਸਿੰਘ ਨਾਲ ਮੁਲਾਕਾਤਾਂ ਦਾ ਸਥਾਨ ਵੀ ਪਿੰਡ ਠੀਕਰੀਵਾਲਾ ਹੀ ਰਿਹਾ ਹੈ। ਨਵਾਬ ਕਪੂਰ ਸਿੰਘ ਦੀ ਸਿੱਖ ਇਤਿਹਾਸ ਵਿਚ ਜੁਲਮੀ ਹਕੂਮਤ ਵਿਰੁੱਧ ਲੜਨ ਵਾਲੀ ਸ਼ਖਸੀਅਤ ਵਜੋਂ ਪਛਾਣ ਹੈ। ਹੁਣ ਜਦੋਂ ਸੇਵਾ ਸਿੰਘ ਠੀਕਰੀਵਾਲਾ ਵੀ ਖੁਦ ਆਪਣੇ ਲੋਕਾਂ ਲਈ ਜ਼ੁਲਮ ਵਿਰੁੱਧ ਜੱਦੋ ਜਹਿਦ ਕਰ ਰਿਹਾ ਹੈ ਤਾਂ ਨਵਾਬ ਕਪੂਰ ਸਿੰਘ ਦੀ ਯਾਦ ਇਸ ਲਈ ਬਣਾ ਰਿਹਾ ਹੈ, ਕਿਉਂਕਿ ਉਹਨਾਂ ਦੀ ਯਾਦ ਵਿਚ ਲੋਕਾਂ ਨੂੰ ਜਾਗਰੂਕ ਕਰਨਾ ਆਪਣੇ ਵਿਚਾਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਿਚ ਸਹਾਈ ਹੋ ਸਕਦਾ ਹੈ। ਇਹ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੀ ਦੂਰਦਰਸਤਾ ਹੀ ਸੀ ਜੋ ਅੱਜ ਤੱਕ ਵੀ ਸਿੱਖਾਂ ਦਾ ਮਾਰਗ ਦਰਸ਼ਨ ਕਰ ਰਹੀ ਹੈ। ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੇ ਜੀਵਨ ਦੀਆਂ ਦੋ ਹੋਰ ਮਸਾਲਾਂ ਵੀ ਧਿਆਨ ਦੇਣਯੋਗ ਹਨ। ਪਹਿਲੀ ਮਸਾਲ ਪਟਿਆਲਾਪਤੀ ਰਾਜੇ ਭੁਪਿੰਦਰ ਸਿੰਘ ਦੀ ਹੈ, ਜੋ ਸ੍ਰ. ਸੇਵਾ ਸਿੰਘ ਜੀ ਦੀ ਰਜਵਾੜਾਸ਼ਾਹੀ ਵਿਰੁੱਧ ਮੁਹਿੰਮ ਤੋਂ ਘਬਰਾਅ ਕੇ ਇਸ ਸੋਚ ਦਾ ਗਲ਼ਾ ਘੁੱਟਣਾ ਚਾਹੁੰਦਾ ਹੈ। ਪਟਿਆਲਾ ਹਕੂਮਤ ਕਿਸੇ ਵੀ ਆਨੇ-ਬਹਾਨੇ ਉਹਨਾਂ ਨੂੰ ਜੇਲ ਵਿਚ ਰੱਖਣਾ ਚਾਹੁੰਦੀ ਹੈ ਅਤੇ ਕਿਸੇ ਹੱਦ ਤੱਕ ਸਫਲ ਵੀ ਰਹੀ ਹੈ, ਇਸੇ ਜ਼ੁਲਮ ਅਧੀਨ ਉਹ ਸੇਵਾ ਸਿੰਘ ਜੀ ਦੇ ਸਰੀਰ ਨੂੰ ਜੇਲ ਵਿਚ ਰੱਖ ਕੇ ਤਸੀਹੇ ਦਿੱਤੇ ਗਏ। ਨੌ ਮਹੀਨੇ ਦੀ ਭੁੱਖ ਹੜਤਾਲ ਤੋਂ ਬਾਅਦ ਸ੍ਰ. ਸੇਵਾ ਸਿੰਘ ਜੀ 20 ਜਨਵਰੀ 1934 ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਸਰਕਾਰ ਘਬਰਾਅ ਗਈ ਲਾਸ਼ ਵਾਰਸਾਂ ਨੂੰ ਦੇਣ ਦੀ ਥਾਂ ਖੁਦ ਹੀ ਸੰਸਕਾਰ ਕਰਕੇ ਅਸਥੀਆਂ ਵੀ ਜੇਲ ਵਿਚ ਪਹਿਰੇ ਹੇਠ ਰੱਖ ਦਿੱਤੀਆਂ। ਇਸੇ ਸਮੇਂ ਪਟਿਆਲਾਸ਼ਾਹੀ ਰਾਜੇ ਭੁਪਿੰਦਰ ਸਿੰਘ ਦੀ ਵੀ ਮੌਤ ਹੋ ਗਈ। ਮਹਾਰਾਜਾ ਭੁਪਿੰਦਰ ਸਿੰਘ ਦੀ ਮੌਤ ਤੋਂ ਪਿਛੋਂ 1938 ਵਿਚ ਮਹਾਰਾਜਾ ਯਾਦਵਿੰਦਰ ਸਿੰਘ ਨੇ ਸੇਵਾ ਸਿੰਘ ਜੀ ਦੀਆਂ ਅਸਥੀਆਂ ਵਾਰਸਾਂ ਨੂੰ ਦਿੱਤੀਆਂ। ਇਸ ਤਰਾਂ ਰਜਵਾੜਾਸ਼ਾਹੀ ਹਕੂਮਤ ਦੀਆਂ ਹੱਡੀਆਂ ਲੋਕ ਨਾਇਕ ਦੀਆਂ ਅਸਥੀਆਂ ਤੋਂ ਪਹਿਲਾਂ ਜਲ ਪ੍ਰਵਾਹ ਹੋ ਗਈਆਂ। ਦੂਸਰੀ ਉਧਾਰਨ ਇਨਸਾਫ਼ ਦੀ ਥਾਂ ਬੇਇਨਸਾਫ਼ੀ ਵਾਲੀ ਉਸ ਕੁਰਸੀ ਦੀ ਹੈ, ਜਿਸ ਨੇ ਲੋਕ ਨਾਇਕਾਂ ਨੂੰ ਸੱਚ ਦੀ ਥਾਂ ਝੂਠਾ ਬਣਾ ਕੇ ਸਜ਼ਾਵਾਂ ਸੁਣਾਈਆਂ ਹਨ। ਨਜ਼ਾਮਤ ਬਰਨਾਲਾ ਦੀਆਂ ਅਦਾਲਤਾਂ ਜਿਸ ਨੇ ਸ੍ਰ. ਸੇਵਾ ਸਿੰਘ ਠੀਕਰੀਵਾਲਾ ਨੂੰ 1933 ਵਿਚ ਰਿਆਸਤੀ ਪਰਜਾ ਮੰਡਲ ਦੀ ਸੁਨਾਮ ਅਤੇ ਦਿੱਲੀ ਦੀ ਕਾਨਫਰੰਸ ਵਿਚ ਹਿੱਸਾ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਸਜ਼ਾ ਸੁਣਾਈ ਸੀ, ਉਹ ਅੱਜ ਵੈਰਾਨ ਹਾਲਤ ਵਿਚ ‘ਕੁੱਤਾ ਘਰ’ ਬਣੀਆਂ ਹੋਈਆ ਹਨ। ਇਥੇ ਹੁਣ ਹੈਂਕੜਬਾਜ਼ੀ ਵਾਲੀ ਹਕੂਮਤ ਕੋਈ ਨਾਮੋਂ ਨਿਸ਼ਾਨ ਨਹੀਂ ਹੈ, ਦੂਜੇ ਪਾਸੇ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੀ ਯਾਦ ਵਿਚ ਕੁਝ ਕਿਲੋਮੀਟਰ ਦੂਰ ਕਈ ਯਾਦਗਾਰਾਂ ਸਥਾਪਿਤ ਹਨ। ਜਿਥੇ ਹਰ ਸਾਲ ਉਹਨਾਂ ਦੀ ਯਾਦ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।
ਜੇਕਰ ਦੇਖਿਆ ਜਾਵੇ ਤਾਂ ਮੌਜੂਦਾ ਦੌਰ ਵਿਚ ਵੀ ਸੇਵਾ ਸਿੰਘ ਠੀਕਰੀਵਾਲਾ ਨੂੰ ਸਜ਼ਾਵਾਂ ਦੇਣ ਲਈ ਪ੍ਰਵਿਰਤੀ ਬਰਕਰਾਰ ਹੈ। ਸਮੇਂ ਦੇ ਹਾਕਮ ਜੋ ਅਕਸਰ ਹੀ ਉਹਨਾਂ ਦੀ ਸਲਾਨਾ ਬਰਸੀ ’ਤੇ ਸ਼ਰਧਾਂਜਲੀਆਂ ਭੇਂਟ ਕਰਨ ਤਾਂ ਆਉਂਦੇ ਹਨ, ਪਰ ਸ਼ਹੀਦ ਦੀ ਸ਼ਹਾਦਤ ਤੋਂ ਸਿੱਖਿਆ ਲੈਣ ਦੀ ਥਾਂ ਆਪਣੀ ਬੇਇਨਸਾਫ਼ੀ ਵਾਲੀ ਕੁਰਸੀ ਨੂੰ ਜਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਭਾਈ ਦਲਜੀਤ ਸਿੰਘ ਬਿੱਟੂ ਜਦੋੀ ਪਿੰਡ ਫਤਹਿਗੜ ਛੰਨਾਂ ਵਿਚ ਕਿਸਾਨਾਂ ਦੇ ਹੱਕ ਵਿਚ ਰੈਲੀ ਕਰਦੇ ਹਨ, ਤਾਂ ਉਹਨਾਂ ਉਤੇ ਦੇਸ਼-ਧਿਰੋਹੀ ਦਾ ਕੇਸ ਵੀ ‘ਗੜਬੀ ਚੋਰੀ’ ਵਾਲੇ ਕੇਸ ਦਾ ਸਕਾ ਭਾਈ ਪ੍ਰਤੀਤ ਹੁੰਦਾ ਹੈ। ਆਪਣੇ ਲਈ ਖਤਰਾ ਮੰਨ ਕੇ ਹਕੂਮਤਾਂ ਵਾਲੇ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੂੰ ਅਤੇ ਪ੍ਰੋ. ਦਰਸ਼ਨ ਸਿੰਘ ਜਿਹੇ ਆਗੂਆਂ ਨੂੰ ਸਜ਼ਾ ਦੇਣ ਲਈ ਉਤਾਵਲੇ ਹਨ। ਦਲ ਖਾਲਸਾ ਦੇ ਪ੍ਰਮੁੱਖ ਭਾਈ ਗਜਿੰਦਰ ਸਿੰਘ ਦੀ ਜਲਾਵਤਨੀ, ਭਾਈ ਸਰਬਜੀਤ ਸਿੰਘ ਘੁੰਮਾਣ ਦੀ ਜੇਲ ਯਾਤਰਾ, ਅਣਗਿਣਤ ਸਿੱਖਾਂ ਨੂੰ ਬਲੈਕ ਲਿਸਟ ਕਰਨ ਦੇ ਪਿੱਛੇ ਵੀ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵਰਗੀ ਮਨੋਦਸ਼ਾ ਕੰਮ ਕਰ ਰਹੀ ਹੈ। ਸਮੇਂ ਦੀਆਂ ਹਕੂਮਤਾਂ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਆਪਣੇ ਹੀ ਭਰਾਵਾਂ ਨੂੰ ਗੁਲਾਮੀ ਦੀ ਦੀਵਾਰ ਅੰਦਰ ਸੁੱਟ ਕੇ ਅਤੇ ਹੱਕ ਦੀ ਥਾਂ ਸਜ਼ਾਵਾਂ ਦੇ ਕੇ ਹਮੇਸ਼ਾ ਕ¦ਕ ਖੱਟਿਆ ਹੈ ਅਤੇ ਇਤਿਹਾਸ ਵਿਚ ਬੁਰੇ ਸ਼ਬਦ ਹੀ ਪੱਲੇ ਪਏ ਹਨ। ਇਹਨਾਂ ਹਕੂਮਤੀ ਆਗੂਆਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹੀ ਸ੍ਰ. ਸੇਵਾ ਸਿੰਘ ਜੀ ਠੀਕਰੀਵਾਲਾ ਦੀ ਸ਼ਹੀਦੀ ਦਾ ਸੰਦੇਸ਼ ਹੈ। ਮੌਜੂਦਾ ਸਮੇਂ ਦੇ ਹਾਕਮ ਸਮਝ ਲੈਣ ਕਿ ਸਮਾਜ ਲਈ ਦੁੱਖ ਤਕਲੀਫ ਝੱਲਣ ਵਾਲੇ ਲੋਕਾਂ ਦੀਆਂ ਹੀ ਯਾਦਾਂ ਜੋੜ ਮੇਲਿਆਂ ਦਾ ਰੂਪ ਧਾਰਨ ਕਰਦੀਆਂ ਹਨ।